ਫਗਵਾੜਾ,22 ਮਈ ( ਪ੍ਰੀਤੀ) ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਫਗਵਾੜਾ ਖੇਤਰ ‘ਚ ਕਈ ਸਰਕਾਰੀ ਰਾਸ਼ਨ ਡਿੱਪੂਆਂ ਦੇ ਅਚਨਚੇਤ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੌਮੀ ਖੁਰਾਕ ਸੁਰੱਖਿਆ ਐਕਟ ਦੀ ਪਾਲਣਾ ਯਕੀਨੀ ਬਣਾਉਣ ਤੇ ਸਰਕਾਰੀ ਰਾਸ਼ਨ ਡਿੱਪੂਆਂ ਰਾਹੀਂ ਕਣਕ ਦੀ ਵੰਡ ‘ਚ ਪਾਰਦਰਸ਼ਤਾ ਲਿਆਉਣ ਦੇ ਯਤਨਾਂ ‘ਚ ਪੰਜਾਬ ਰਾਜ ਖੁਰਾਕ ਕਮਿਸ਼ਨ ਨਿਯਮਿਤ ਤੌਰ ‘ਤੇ ਅਚਨਚੇਤ ਨਿਰੀਖਣ ਕਰਦਾ ਰਹੇਗਾ ਤੇ ਇਸ ‘ਚ ਲਾਪਰਵਾਹੀ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਰਪਾ ਨਗਰ, ਉਂਕਾਰ ਨਗਰ ਤੇ ਨਵੀਂ ਆਬਾਦੀ ਨਰੰਗਸ਼ਾਹਪੁਰ ‘ਚ ਸਥਿਤ ਰਾਸ਼ਨ ਡਿੱਪੂਆਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਡਿਜੀਟਲ ਨਮੀ ਮੀਟਰ ਦੀ ਵਰਤੋਂ ਕਰ ਕੇ ਕਣਕ ਦੀ ਨਮੀ ਦੀ ਮਾਤਰਾ ਦੀ ਜਾਂਚ ਕੀਤੀ, ਜੋ ਨਿਰਧਾਰਤ ਮਾਪਦੰਡਾਂ ਤਹਿਤ ਮਿਲੀ। ਇਸ ਮੌਕੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਧਿਕਾਰ ਵਿਪਨ ਕੁਮਾਰ ਵੀ ਹਾਜ਼ਰ ਸਨ।ਉਨ੍ਹਾਂ ਦੱਸਿਆ ਕਿ ਸਰਕਾਰ ਅਪਰੈਲ ਤੋਂ ਜੂਨ ਤੱਕ ਤਿੰਨ ਮਹੀਨਿਆਂ ਲਈ ਕਣਕ ਵੰਡਣ ਦੀ ਯੋਜਨਾ ਚਲਾ ਰਹੀ ਹੈ। ਸਰਕਾਰ ਵੱਲੋਂ ਦਿੱਤੀਆਂ ਗਈਆਂ ਬਾਇਓਮੈਟ੍ਰਿਕ ਮਸ਼ੀਨਾਂ ਤੇ ਇਲੈਕਟ੍ਰਾਨਿਕ ਤੋਲ ਸਕੇਲਾਂ ਦੀ ਵਰਤੋਂ ਕਰ ਕੇ ਹਰੇਕ ਡਿੱਪੂ ‘ਤੇ ਵੰਡ ਪ੍ਰਕਿਰਿਆ ਵਧੇਰੇ ਪਾਰਦਰਸ਼ੀ ਹੋ ਗਈ ਹੈ।
ਫਗਵਾੜਾ ‘ਚ ਕੁਝ ਇਲੈਕਟ੍ਰਾਨਿਕ ਤੋਲ ਸਕੇਲਾਂ ‘ਚ ਖਰਾਬੀ ਮਿਲੀ ਤੇ ਉਨ੍ਹਾਂ ਦੀ ਤੁਰੰਤ ਮੁਰੰਮਤ ਲਈ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਅਜਿਹੇ ਅਚਨਚੇਤ ਦੌਰੇ ਭਵਿੱਖ ‘ਚ ਵੀ ਜਾਰੀ ਰਹਿਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਹਦਾਇਤ ਕੀਤੀ ਕਿ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ 98767-64545 ਸਾਰੇ ਰਾਸ਼ਨ ਡਿੱਪੂਆਂ ‘ਤੇ ਸਪੱਸ਼ਟ ਤੌਰ ‘ਤੇ ਪ੍ਰਦਰਸ਼ਿਤ ਹੋਣਾ ਚਾਹੀਦਾ ਹੈ। ਕੋਈ ਵੀ ਲਾਭਪਾਤਰੀ ਇਸ ਨੰਬਰ ‘ਤੇ ਸਕੀਮ ਨਾਲ ਸਬੰਧਤ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦਾ ਹੈ।