* ਕਿਹਾ- ਭਾਜਪਾਈਆਂ ਨੂੰ ਘੁੱਟੀ ‘ਚ ਮਿਲਦੀ ਹੈ ਅਜਿਹੀ ਕੋਝੀ ਮਾਨਸਿਕਤਾ
ਫਗਵਾੜਾ 15 ਮਈ ( ਪ੍ਰੀਤੀ ) ਜਿਲ੍ਹਾ ਕਾਂਗਰਸ ਸਕੱਤਰ ਕਰਮਜੀਤ ਸਿੰਘ ਬਿੱਟੂ ਨੇ ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਕੁੰਵਰ ਵਿਜੇ ਸ਼ਾਹ ਵਿਰੁੱਧ ਮਾਣਯੋਗ ਹਾਈਕੋਰਟ ਵਲੋਂ ਐਫ.ਆਈ.ਆਰ. ਦਰਜ ਕਰਨ ਦੇ ਦਿੱਤੇ ਹੁਕਮ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੇ ਮੰਤਰੀ ਵਲੋਂ ਆਪ੍ਰੇਸ਼ਨ ਸਿੰਦੂਰ ਨੂੰ ਲੀਡ ਕਰਨ ਵਾਲੀ ਭਾਰਤੀ ਫੌਜ ਦੀ ਮਹਿਲਾ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਨੂੰ ਪਹਿਲਗਾਮ ਅੱਤਵਾਦੀ ਹਮਲਾ ਕਰਨ ਵਾਲਿਆਂ ਦੀ ਭੈਣ ਦੱਸਣਾ ਉਸ ਕੋਝੀ ਮਾਨਸਿਕਤਾ ਦੀ ਨਿਸ਼ਾਨੀ ਹੈ ਜੋ ਭਾਜਪਾ ਵਰਕਰਾਂ ਨੂੰ ਆਰ.ਐਸ.ਐਸ. ਵਲੋਂ ਘੁੱਟੀ ‘ਚ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਅਦਾਲਤ ਨੇ ਬਿਲਕੁਲ ਠੀਕ ਟਿੱਪਣੀ ਕੀਤੀ ਹੈ ਕਿ ਸ਼ਾਹ ਦਾ ਬਿਆਨ ਵੱਖਵਾਦੀ ਗਤੀਵਿਧੀਆਂ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕਰਦਾ ਹੈ, ਉਹਨਾਂ ਕਿਹਾ ਕਿ ਭਾਜਪਾ ਦੇ ਬਹੁਤ ਸਾਰੇ ਆਗੂ ਹਨ ਜੋ ਮੁਸਲਿਮ ਭਾਈਚਾਰੇ ਖਿਲਾਫ ਅਕਸਰ ਗਲਤ ਟਿੱਪਣੀਆਂ ਕਰਕੇ ਭਾਈਚਾਰਕ ਸਾਂਝ ‘ਚ ਦਰਾਰ ਪਾਉਣ ਦਾ ਯਤਨ ਕਰਦੇ ਹਨ। ਉਹਨਾਂ ਮੰਗ ਕੀਤੀ ਕਿ ਉਕਤ ਮੰਤਰੀ ਨੂੰ ਤੁਰੰਤ ਬਰਖਾਸਤ ਕਰਕੇ ਪਾਰਟੀ ਵਿਚੋਂ ਕੱਢਿਆ ਜਾਵੇ। ਜਿਕਰਯੋਗ ਹੈ ਕਿ ਬੀਤੇ ਦਿਨ ਭਾਜਪਾ ਦੇ ਮੰਤਰੀ ਵਿਜੇ ਸ਼ਾਹ ਦਾ ਭਾਸ਼ਣ ਵਾਇਰਲ ਹੋਇਆ ਸੀ। ਜਿਸ ਵਿਚ ਉਹ ਕਰਨਲ ਸੋਫੀਆ ਕੁਰੈਸ਼ੀ ਦੇ ਖਿਲਾਫ ਬਹੁਤ ਹੀ ਇਤਰਾਜ ਯੋਗ ਟਿੱਪਣੀ ਕਰਕੇ ਉਸ ਨੂੰ ਅੱਤਵਾਦੀਆਂ ਦੀ ਭੈਣ ਸੰਬੋਧਿਤ ਕਰਦੇ ਹਨ। ਜਿਸ ਦੀ ਪੂਰੇ ਦੇਸ਼ ‘ਚ ਸਖਤ ਨਖੇਦੀ ਹੋ ਰਹੀ ਹੈ।