ਲੁਧਿਆਣਾ, 12 ਸਤੰਬਰ – ਅੱਜ ਇਨਕਮ ਟੈਕਸ ਵਿਭਾਗ ਲੁਧਿਆਣਾ ਦੇ ਕਰਮਚਾਰੀਆਂ ਨੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਉਂਦੇ ਹੋਏ ਦਵਾਈਆਂ ਅਤੇ ਜ਼ਰੂਰੀ ਸਮਾਨ ਸਿਵਲ ਸਰਜਨ ਲੁਧਿਆਣਾ ਦੇ ਦਫ਼ਤਰ ਵਿੱਚ ਭੇਟ ਕੀਤਾ।
ਇਹ ਯੋਗਦਾਨ ਰਸਮੀ ਤੌਰ ‘ਤੇ ਡਾ. ਰਮਨਦੀਪ ਕੌਰ, ਸਿਵਲ ਸਰਜਨ ਲੁਧਿਆਣਾ ਨੂੰ ਸੌਂਪਿਆ ਗਿਆ, ਜਿਨ੍ਹਾਂ ਨੇ ਇਸ ਉੱਚੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਦਵਾਈਆਂ ਅਤੇ ਸਮਾਨ ਤੁਰੰਤ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਪੁਨਰਵਾਸ ਲਈ ਭੇਜੇ ਜਾਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਂਝਾ ਉਪਰਾਲਾ ਹੈ, ਜਿਸ ਦਾ ਮਕਸਦ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨਾਲ ਇਕਜੁੱਟਤਾ ਦਿਖਾਉਣਾ ਹੈ।
ਇਸ ਮੌਕੇ ‘ਤੇ, ਇਨਕਮ ਟੈਕਸ ਕਰਮਚਾਰੀਆਂ ਦੇ ਨੁਮਾਇੰਦਿਆਂ ਨੇ ਕਿਹਾ ਸੰਕਟ ਦੇ ਸਮੇਂ ਸਹਾਇਤਾ ਦਾ ਹੱਥ ਵਧਾਉਣਾ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਆਸ ਹੈ ਕਿ ਸਾਡਾ ਇਹ ਛੋਟਾ ਯੋਗਦਾਨ ਮੁਸੀਬਤ ਵਿੱਚ ਫਸੇ ਲੋਕਾਂ ਲਈ ਰਾਹਤ ਲਿਆਵੇਗਾ ਅਤੇ ਹੋਰਾਂ ਨੂੰ ਵੀ ਸਹਾਇਤਾ ਲਈ ਪ੍ਰੇਰਿਤ ਕਰੇਗਾ।
ਵਿਭਾਗ ਵੱਲੋਂ ਲੁਧਿਆਣਾ ਅਤੇ ਪੰਜਾਬ ਭਰ ਦੇ ਵਿਅਕਤੀਆਂ, ਸੰਸਥਾਵਾਂ ਅਤੇ ਸੰਗਠਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰਾਹਤ ਕਾਰਜਾਂ ਲਈ ਦਰਿਆਦਿਲੀ ਨਾਲ ਯੋਗਦਾਨ ਪਾਉਣ—ਚਾਹੇ ਜ਼ਰੂਰੀ ਸਮਾਨ ਦੇਣ ਰਾਹੀਂ, ਵਿੱਤੀ ਸਹਾਇਤਾ ਰਾਹੀਂ ਜਾਂ ਸੇਵਾ ਰਾਹੀਂ।
ਇਹ ਪਹਲ ਇਨਕਮ ਟੈਕਸ ਕਰਮਚਾਰੀਆਂ ਦੀ ਨਾਂ ਸਿਰਫ਼ ਆਪਣੇ ਪੇਸ਼ੇਵਰ ਫ਼ਰਜ਼ਾਂ ਪ੍ਰਤੀ ਨਿਭਾਈ ਵਫ਼ਾਦਾਰੀ ਨੂੰ ਦਰਸਾਉਂਦੀ ਹੈ, ਸਗੋਂ ਸਮਾਜਿਕ ਜ਼ਿੰਮੇਵਾਰੀ ਅਤੇ ਲੋਕ ਭਲਾਈ ਪ੍ਰਤੀ ਵਚਨਬੱਧਤਾ ਨੂੰ ਵੀ ਉਜਾਗਰ ਕਰਦੀ ਹੈ।






