ਲੁਧਿਆਣਾ 10 ਸਤੰਬਰ – ਹੜ੍ਹਾਂ ਅਤੇ ਬਰਸਾਤ ਦੇ ਮੌਸਮ ਵਿੱਚ ਖੜ੍ਹਾ ਪਾਣੀ ਅਤੇ ਗੰਦਗੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣਦੀ ਹੈ। ਖ਼ਾਸ ਕਰਕੇ ਡਾਇਰੀਆ, ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਈਫਾਇਡ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਇਸ ਸਮੇਂ ਜ਼ਿਆਦਾ ਫੈਲਦੀਆਂ ਹਨ। ਇਹ ਬਿਮਾਰੀਆਂ ਲੋਕਾਂ ਦੀ ਸਿਹਤ ਲਈ ਖ਼ਤਰਾ ਹੀ ਨਹੀਂ, ਸਗੋਂ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ। ਇਸ ਲਈ ਲੋਕਾਂ ਨੂੰ ਜਾਗਰੂਕ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ।
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਅਤੇ ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ ਆਮ ਲੋਕਾਂ ਅਤੇ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਰਮਨਦੀਪ ਕੌਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਡੇਂਗੂ ਮਲੇਰੀਆ ਚਿਕਨਗੁਨੀਆ ਡਾਇਰੀਆ, ਟਾਈਫਾਇਡ ਅਤੇ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ।ਇਸ ਸਬੰਧੀ ਅੱਜ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਵੱਖ ਵੱਖ ਪਿੰਡਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਢੋਵਾਲ ਵਿਖੇ ਪੜ੍ਹਦੇ 500 ਤੋਂ ਵੱਧ ਵਿਦਿਆਰਥੀਆਂ ਨੂੰ ਹੜ੍ਹਾਂ ਅਤੇ ਬਰਸਾਤਾਂ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਬੀਸੀਸੀ ਕੋ-ਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬਰਸਾਤੀ ਪਾਣੀ ਅਕਸਰ ਗਲੀਆਂ, ਛੱਤਾਂ, ਖਾਲੀ ਪਲਾਟਾਂ ਅਤੇ ਹੋਰ ਥਾਵਾਂ ’ਤੇ ਇਕੱਠਾ ਹੋ ਜਾਂਦਾ ਹੈ। ਇਹ ਪਾਣੀ ਮੱਛਰਾਂ ਦੀ ਪੈਦਾਵਾਰ ਲਈ ਸਭ ਤੋਂ ਉਚਿਤ ਥਾਂ ਹੁੰਦਾ ਹੈ। ਮੱਛਰਾਂ ਦੇ ਕੱਟਣ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ। ਡੇਂਗੂ ਵਿੱਚ ਬੁਖਾਰ, ਸਰੀਰ ਦਰਦ ਅਤੇ ਪਲੇਟਲਿਟ ਘੱਟ ਹੋਣ ਦੇ ਲੱਛਣ ਪ੍ਰਗਟ ਹੁੰਦੇ ਹਨ। ਮਲੇਰੀਆ ਦੇ ਮਰੀਜ਼ਾਂ ਨੂੰ ਬੁਖਾਰ ਚੜ੍ਹਨਾ ਅਤੇ ਕੰਬਣੀ ਆਉਣਾ ਸ਼ੁਰੂ ਹੋ ਜਾਂਦਾ ਹੈ। ਚਿਕਨਗੁਨੀਆ ਵਿਚ ਤੇਜ਼ ਬੁਖਾਰ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ।
ਇਸੇ ਤਰ੍ਹਾਂ ਦੂਸ਼ਿਤ ਪਾਣੀ ਦੇ ਇਸਤੇਮਾਲ ਨਾਲ ਡਾਇਰੀਆ, ਟਾਈਫਾਇਡ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਵੀ ਫੈਲਦੀਆਂ ਹਨ। ਦੂਸ਼ਿਤ ਪਾਣੀ ਨਾਲ ਪੇਟ ਦਰਦ,ਉਲਟੀਆਂ, ਦਸਤ, ਅੰਤੜੀ ਰੋਗ , ਹੈਪੇਟਾਈਟਿਸ ਅਤੇ ਟਾਈਫਾਈਡ ਆਦਿ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ । ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਬਿਮਾਰੀਆਂ ਵਧੇਰੇ ਖ਼ਤਰਨਾਕ ਹੋ ਸਕਦੀਆਂ ਹਨ।
ਇਸ ਲਈ ਆਪਣੇ ਘਰਾਂ ਅਤੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਕੁਲਰ, ਟੈਂਕੀਆਂ, ਗਮਲੇ ਅਤੇ ਛੱਤਾਂ ’ਤੇ ਪਾਣੀ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਖਾਲੀ ਕਰਕੇ ਸੁੱਕਾ ਰੱਖਿਆ ਜਾਵੇ। ਪੀਣ ਵਾਲੇ ਪਾਣੀ ਨੂੰ ਹਮੇਸ਼ਾਂ ਉਬਾਲਕੇ ਜਾਂ ਫਿਲਟਰ ਕਰਕੇ ਹੀ ਵਰਤਿਆ ਜਾਵੇ। ਬਾਹਰਲਾ ਕੱਚਾ ਜਾਂ ਗੰਦੇ ਵਾਤਾਵਰਣ ਵਿੱਚ ਬਣਿਆ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ। ਹੱਥ ਧੋਣ ਦੀ ਆਦਤ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ, ਜੇਕਰ ਕਿਸੇ ਨੂੰ ਉੱਚ ਬੁਖਾਰ, ਦਸਤ, ਉਲਟੀ, ਸਰੀਰ ਦਰਦ ਜਾਂ ਹੋਰ ਕੋਈ ਲੱਛਣ ਪ੍ਰਗਟ ਹੁੰਦੇ ਹਨ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਡਾਕਟਰੀ ਜਾਂਚ ਕਾਰਵਾਈ ਜਾਵੇ ਅਤੇ ਇਲਾਜ ਲਿਆ ਜਾਵੇ ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜ਼ਰੀਨਾ ਅਤੇ ਸਮੂਹ ਸਟਾਫ ਹਾਜ਼ਰ ਸੀ ।






