ਕਪੂਰਥਲਾ 10 ਜੂਨ (ਪ੍ਰੀਤੀ) ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜੀ ਵੱਲੋਂ ਸਮੇਂ ਸਮੇਂ ਤੇ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਮੂਹ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਸੰਸਥਾਵਾਂ, ਵਿੱਦਿਅਕ ਅਦਾਰਿਆਂ, ਬੋਰਡਾਂ, ਨਿਗਮਾਂ ਤੇ ਗੈਰ ਸਰਕਾਰੀ ਸੰਸਥਾਵਾਂ, ਜਨਤਕ ਤੇ ਨਿੱਜੀ ਦੁਕਾਨਾਂ ਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ ਤੇ ਸਾਈਨ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਗੁਰਮੁਖੀ ਲਿਪੀ ’ਚ ਪੰਜਾਬੀ ਭਾਸ਼ਾ ਤੇ ਹੇਠਾਂ ਦੂਸਰੀ ਭਾਸ਼ਾ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸੇ ਦੀ ਪਾਲਣਾ ਤਹਿਤ ਅੱਜ ਮਿਤੀ 10-06-2025 ਨੂੰ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਸ਼੍ਰੀਮਤੀ ਅਨੁਪਮ ਕਲੇਰ, ਆਈ.ਏ.ਐਸ ਕਮਿਸ਼ਨਰ, ਨਗਰ ਨਿਗਮ,ਕਪੂਰਥਲਾ ਜੀ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਕਮਿਸ਼ਨਰ ਮੈਡਮ ਦੇ ਨਾਲ ਰਾਜ ਭਾਸ਼ਾ ਐਕਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦਫ਼ਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨੀ ਯਕੀਨੀ ਬਣਾਉਣ ਲਈ ਵੀ ਬੇਨਤੀ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਜਿਸ ਅਨੁਸਾਰ ਸਾਈਨ ਬੋਰਡ ਉੱਪਰ ਪਹਿਲਾਂ ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਤੇ ਹੇਠਾਂ ਕਿਸੇ ਦੂਸਰੀ ਭਾਸ਼ਾ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੂੰ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ, ਵਪਾਰਿਕ ਅਦਾਰੇ, ਫੈਕਟਰੀਆਂ ਜਾਂ ਸ਼ਾਪਿੰਗ ਮਾਲ ਹਨ ਉਹਨਾਂ ਦੇ ਨਾਮ ਬੋਰਡ ਉਕਤ ਹਦਾਇਤਾਂ ਅਨੁਸਾਰ ਬੋਰਡ ਵੀ ਪੰਜਾਬੀ ਭਾਸ਼ਾ ਵਿੱਚ ਕਰਵਾਉਣ ਬਾਰੇ ਗੱਲ ਕੀਤੀ ਗਈ ਜਿਸ ਤੇ ਉਨਾਂ ਨੇ ਵਿਸ਼ਵਾਸ ਦਿਲਵਾਇਆ ਕਿ ਇਹ ਕੰਮ ਯਕੀਨੀ ਪੱਧਰ ਤੇ ਜਰੂਰ ਕਰਵਾਇਆ ਜਾਏਗਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਵਪਾਰ ਮੰਡਲ ਨਾਲ ਤੇ ਦੁਕਾਨਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਜਾਵੇਗੀ ਤੇ ਜਿੱਥੇ ਸਾਰਿਆਂ ਨੂੰ ਪੰਜਾਬੀ ਭਾਸ਼ਾ ਸੰਬੰਧੀ ਸਰਕਾਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਕਮਿਸ਼ਨਰ ਮੈਡਮ ਨੂੰ ਰਾਜ ਭਾਸ਼ਾ ਐਕਟ ਦੀ ਕਾਪੀ ਅਤੇ ਦਫ਼ਤਰਾਂ ਵਿੱਚ ਪੰਜਾਬੀ ਦੀ ਵਰਤੋਂ ਬਾਰੇ ਹਦਾਇਤਾਂ ਦੀ ਕਿਤਾਬ ਵੀ ਉਹਨਾਂ ਨੂੰ ਦਿੱਤੀ ਗਈ।