ਖੰਨਾ 29 ਅਪ੍ਰੈਲ – ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ, ਉਦਯੋਗ ਤੇ ਕਾਮਰਸ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਮੰਗਲਵਾਰ ਨੂੰ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਖੰਨਾ ਵਿਖੇ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਸਬੰਧੀ ਹੋਏ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਬ੍ਰਾਹਮਣ ਸੇਵਾ ਮੰਚ ਖੰਨਾ ਦੇ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਬ੍ਰਾਹਮਣ ਸੇਵਾ ਮੰਚ ਦੀ ਸਮੁੱਚੀ ਟੀਮ ਮੌਜੂਦ ਸੀ
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਾਡੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਹੈ ਜੋ ਕਿ ਦੇਸ਼ ਭਰ, ਪੰਜਾਬ ਵਿੱਚ ਅਤੇ ਸਾਡੇ ਸ਼ਹਿਰ ਖੰਨਾ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸਾਡਾ ਸਾਰਾ ਬ੍ਰਾਹਮਣ ਸਮਾਜ, ਭਗਵਾਨ ਪਰਸ਼ੂਰਾਮ ਜੀ ਦੇ ਅਨੁਯਾਈ ਇੱਕਠੇ ਹੋ ਕੇ ਬਹੁਤ ਹੀ ਧੂਮਧਾਮ ਨਾਲ ਆਪਣੇ ਦੇਵਤੇ ਨੂੰ ਯਾਦ ਕਰਦੇ ਹੋਏ ਉਸ ਪ੍ਰਤੀ ਸ਼ਰਧਾ ਪ੍ਰਗਟ ਕਰ ਰਹੇ ਹਨ।
ਮੰਤਰੀ ਸੌਂਦ ਨੇ ਕਿਹਾ ਕਿ ਮੈਂ ਵੀ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਜਿਵੇਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਜੀਅ ਕੇ ਜੀਵਨ ਜਾਂਚ ਸਿਖਾਈ ਹੈ ਜਦੋਂ ਵੀ ਇਸ ਧਰਤੀ ਤੇ ਪਾਪ ਵਧਿਆ, ਉਸ ਪਾਪ ਨੂੰ ਘਟਾਉਣ ਲਈ ਸਭ ਤੋਂ ਵੱਡਮੁੱਲਾ ਯੋਗਦਾਨ ਪਾਇਆ। ਇਸੇ ਤਰੀਕੇ ਨਾਲ ਸਾਨੂੰ ਉਹਨਾਂ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜੇਕਰ ਇਸ ਸਮਾਜ ਵਿਚ ਸਾਨੂੰ ਕਿਸੇ ਨਾਲ ਧੱਕਾ ਹੁੰਦਾ ਦਿਸਦਾ ਹੋਵੇ ਤਾਂ ਸਾਨੂੰ ਵੀ ਉਸ ਧੱਕੇ ਅਤੇ ਬੁਰਾਈ ਦੇ ਖਿਲਾਫ ਡੱਟ ਕੇ ਖੜਨਾ ਚਾਹੀਦਾ ਹੈ ਅਤੇ ਹੋ ਰਹੇ ਧੱਕੇ ਦਾ ਵਿਰੋਧ ਕਰਨਾ ਚਾਹੀਦਾ ਹੈ। ਤਾਂ ਜੋ ਸਾਡਾ ਸਮਾਜ ਇੱਕ ਨਿਰੋਆ ਅਤੇ ਚੰਗਾ ਸਮਾਜ ਬਣਿਆ ਰਹੇ। ਆਖਰ ਵਿੱਚ ਮੈਂ ਇਹੀ ਕਹਾਂਗਾ ਕਿ ਭਗਵਾਨ ਪਰਸ਼ੂਰਾਮ ਜੀ ਆਪਣਾ ਮਿਹਰ ਭਰਿਆ ਹੱਥ ਸਾਡੇ ਪੂਰੇ ਦੇਸ਼ ਵਾਸੀਆਂ ਦੇ ਸਿਰ ਤੇ ਬਣਾਈ ਰੱਖਣ ਅਤੇ ਅਸੀਂ ਉਨ੍ਹਾਂ ਦੇ ਪੂਰਨਿਆਂ ਤੇ ਚੱਲ ਸਕੀਏ।