ਫਗਵਾੜਾ 12 ਜੂਨ (ਪ੍ਰੀਤ ਕੌਰ ਪ੍ਰੀਤੀ)ਸਿਵਲ ਸਰਜਨ ਡਾ ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਵਿਸ਼ਵ ਹਾਈਪਰਟੈਂਸ਼ਨ ਮਹੀਨਾ ਦੇ ਮੌਕੇ ਤੇ ਗੁਰੂ ਅਮਰ ਦਾਸ ਜੀ ਬਿਰਧ ਆਸ਼ਰਮ ਵਿਖੇ ਇੱਕ ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ ਅਮਿਤਾ ਲੂਨਾ ਨੇ ਦੱਸਿਆ ਕਿ ਕੈਂਪ ਦਾ ਮਕਸਦ ਲੋਕਾਂ ਵਿਚ ਉੱਚ ਰਕਤਚਾਪ (ਹਾਈਪਰਟੈਂਸ਼ਨ) ਬਾਰੇ ਜਾਗਰੂਕਤਾ ਫੈਲਾਣਾ ਅਤੇ ਰੋਗ ਦੀ ਰੋਕਥਾਮ ਲਈ ਸਹੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।ਇਸ ਮੈਡੀਕਲ ਕੈਂਪ ਦੀ ਅਗਵਾਈ ਆਯੁਰਵੇਦਿਕ ਮੈਡੀਕਲ ਅਫਸਰ ਡਾ. ਬਲਜਿੰਦਰ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਨੇ ਹਾਈਪਰਟੈਂਸ਼ਨ ਦੇ ਕਾਰਨਾਂ, ਲੱਛਣਾਂ, ਇਲਾਜ ਅਤੇ ਉਪਚਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੈਂਪ ਵਿੱਚ ਮੁਫ਼ਤ ਜਾਂਚ, ਸਲਾਹ-ਮਸ਼ਵਰੇ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।ਵੱਡੀ ਗਿਣਤੀ ਵਿੱਚ ਵਿਰਦ ਆਸ਼ਰਮ ਦੇ ਬਜ਼ੁਰਗ ਕੈਂਪ ਵਿਚ ਸ਼ਾਮਲ ਹੋਏ। ਹਾਈਪਰਟੈਂਸ਼ਨ ਨੂੰ ਕੁਦਰਤੀ ਢੰਗ ਨਾਲ ਨਿਯੰਤ੍ਰਿਤ ਕਰਨ ਲਈ ਯੋਗ, ਸਿਹਤਮੰਦ ਖੁਰਾਕ ਅਤੇ ਕਸਰਤ ਸਬੰਧੀ ਵੀ ਜਾਣਕਾਰੀ ਦਿੱਤੀ।ਇਹ ਕੈਂਪ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਲੋਕਾਂ ਦੀ ਭਲਾਈ ਲਈ ਚਲਾਈ ਗਈ ਸਿਹਤ ਅਭਿਆਨ ਦੀ ਇਕ ਯਤਨ ਸੀ, ਜਿਸ ਨੂੰ ਆਸ਼ਰਮ ਪ੍ਰਬੰਧਕ ਜੀਵਨ ਕੁਮਾਰ ਅਤੇ ਦੇਸ ਰਾਜ ਵੱਲੋਂ ਵਧੀਆ ਉਪਰਾਲਾ ਦੱਸਿਆ ਗਿਆ। ਇਸ ਮੌਕੇ ਤੇ ਹੈਲਥ ਸੁਪਰਵਾਈਜਰ ਸਤਨਾਮ ਅਤੇ ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ ਮੌਕੇ ਤੇ ਮੌਜੂਦ ਸਨ।