ਸੰਬੰਧਿਤ ਅਧਿਕਾਰੀਆਂ ਨੂੰ ਫਲੱਡ ਗੇਟ ਸਥਾਪਤ ਕਰਨ ਅਤੇ ਨਾਲੇ ਦੀ ਨਿਯਮਤ ਸਫਾਈ ਨੂੰ ਯਕੀਨੀ ਬਣਾਉਣ ਲਈ ਕੰਮ ਤੇਜ਼ ਕਰਨ ਦੇ ਵੀ ਦਿੱਤੇ ਨਿਰਦੇਸ਼
ਲੁਧਿਆਣਾ, 8 ਮਈ:
ਮੌਨਸੂਨ ਦੀਆਂ ਪਹਿਲਾਂ ਤੋਂ ਤਿਆਰੀਆਂ ਕਰਦੇ ਹੋਏ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਵੀਰਵਾਰ ਨੂੰ ਧਰਮਪੁਰਾ ਨਾਲੇ ਨੂੰ ਕਵਰ ਕਰਨ ਲਈ ਚੱਲ ਰਹੇ ਪ੍ਰੋਜੈਕਟ ਦਾ ਨਿਰੀਖਣ ਕੀਤਾ।
ਨਗਰ ਨਿਗਮ ਨੇ ਇਹ ਪ੍ਰੋਜੈਕਟ ਆਈ.ਆਈ.ਟੀ ਰੁੜਕੀ ਦੇ ਮਾਹਿਰਾਂ ਤੋਂ ਡਿਜ਼ਾਈਨ ਕਰਵਾਇਆ ਹੈ ਅਤੇ ਨਾਲੇ ਦੇ ਲਗਭਗ 250 ਮੀਟਰ ਹਿੱਸੇ (ਸ਼ਿੰਗਾਰ ਸਿਨੇਮਾ ਰੋਡ ਤੋਂ ਗਊਘਾਟ ਸ਼ਮਸ਼ਾਨਘਾਟ ਤੱਕ) ਨੂੰ ਪ੍ਰੋਜੈਕਟ ਅਧੀਨ ਕਵਰ ਕੀਤਾ ਜਾਣਾ ਹੈ। ਇਸ ਪ੍ਰੋਜੈਕਟ ਅਧੀਨ ਨਾਲੇ ਦੀਆਂ ਰਿਟੇਨਿੰਗ ਕੰਧਾਂ ਅਤੇ ਕੰਕਰੀਟ ਦਾ ਅਧਾਰ ਵੀ ਬਣਾਇਆ ਜਾਵੇਗਾ। ਇਸ ਪ੍ਰੋਜੈਕਟ ਦੀ ਲਾਗਤ ਲਗਭਗ 9.50 ਕਰੋੜ ਰੁਪਏ ਹੈ।
ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਮਾਨਸੂਨ ਦੇ ਮੌਸਮ ਦੌਰਾਨ ਢੋਕਾ ਮੁਹੱਲਾ, ਧਰਮਪੁਰਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਰੋਕਣ ਲਈ ‘ਬੁੱਢੇ ਦਰਿਆ’ ਪੁਆਇੰਟ ‘ਤੇ ਫਲੱਡ ਗੇਟ ਸਥਾਪਤ ਕਰਨ ਦੇ ਕੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਨਿਰੀਖਣ ਦੌਰਾਨ ਨਗਰ ਨਿਗਮ, ਸੀਵਰੇਜ ਬੋਰਡ, ਅਜੈ ਨਈਅਰ ਟੈਂਕੀ ਸਮੇਤ ਹੋਰ ਸਬੰਧਤ ਅਧਿਕਾਰੀ ਵੀ ਮੌਜੂਦ ਸਨ।
ਅਧਿਕਾਰੀਆਂ ਨੂੰ ਮਾਨਸੂਨ ਦੇ ਮੌਸਮ ਤੋਂ ਪਹਿਲਾਂ ਨਾਲੇ ਦੀ ਸਹੀ ਸਫਾਈ (ਡਿਸਿਲਟਿੰਗ) ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਵਿਧਾਇਕ ਅਸ਼ੋਕ ਪਰਾਸ਼ਰ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਵਸਨੀਕ ਲੰਬੇ ਸਮੇਂ ਤੋਂ ਧਰਮਪੁਰਾ ਨਾਲੇ ਨੂੰ ਕਵਰ ਕਰਨ ਦੀ ਮੰਗ ਉਠਾ ਰਹੇ ਸਨ, ਪਰ ਪਿਛਲੀਆਂ ਸਰਕਾਰਾਂ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਅਸਫਲ ਰਹੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ ਇਲਾਕੇ ਨੂੰ ਸਾਫ਼-ਸੁਥਰੀ ਦਿੱਖ ਦੇਵੇਗਾ, ਸਗੋਂ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਵੀ ਮਦਦ ਕਰੇਗਾ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਵਿੱਚ ਮਿਆਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਇਸ ਦੌਰਾਨ, ਲੁਧਿਆਣਾ ਕੇਂਦਰੀ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਵਿਕਾਸ ਪ੍ਰੋਜੈਕਟ ਕੀਤੇ ਜਾ ਰਹੇ ਹਨ।