ਲੁਧਿਆਣਾ 29 ਜੁਲਾਈ- ਮਾਦਾ ਭਰੂਣ ਹੱਤਿਆ ਨਾ ਸਿਰਫ਼ ਇਕ ਨੈਤਿਕ ਅਤੇ ਕਾਨੂੰਨੀ ਅਪਰਾਧ ਹੈ, ਸਗੋਂ ਇਹ ਔਰਤਾਂ ਦੀ ਸਿਹਤ ਅਤੇ ਸਮਾਜਕ ਸੰਤੁਲਨ ਲਈ ਵੀ ਇੱਕ ਗੰਭੀਰ ਖ਼ਤਰਾ ਹੈ। ਭਰੂਣ ਹੱਤਿਆ ਅਕਸਰ ਗੈਰਕਾਨੂੰਨੀ ਢੰਗ ਨਾਲ ਕੀਤੀ ਜਾਂਦੀ ਹੈ ਜੋ ਕਿ ਮਾਂ ਦੀ ਸਰੀਰਕ ਸਿਹਤ ‘ਤੇ ਵੀ ਭਾਰੀ ਅਸਰ ਪਾਉਂਦੀ ਹੈ। ਗਲਤ ਢੰਗ ਨਾਲ ਕੀਤੇ ਗਏ ਗਰਭਪਾਤ ਔਰਤਾਂ ਦੀ ਜ਼ਿੰਦਗੀ ਲਈ ਖ਼ਤਰਾ ਵੀ ਬਣ ਸਕਦੇ ਹਨ। ਇਸ ਨਾਲ ਮਾਂ ਨੂੰ ਗੰਭੀਰ ਇਨਫੈਕਸ਼ਨ, ਬਾਂਝਪਨ ਜਾਂ ਮੌਤ ਵੀ ਹੋ ਸਕਦੀ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਦੀ ਅਗਵਾਈ ਹੇਠ ਜਿਲ੍ਹੇ ਭਰ ਵਿੱਚ ਆਮ ਲੋਕਾਂ ਅਤੇ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਲਗਾਤਾਰ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੀ ਸੀ ਪੀ ਐਨ ਡੀ ਟੀ ਐਕਟ (1994) ਤਹਿਤ ਲਿੰਗ ਨਿਰਧਾਰਨ ਦੀ ਜਾਂਚ ਤੇ ਪੂਰਨ ਪਾਬੰਦੀ ਹੈ। ਇਸ ਐਕਟ ਦੀ ਉਲੰਘਣਾ ਕਰਨ ਵਾਲਾ ਬਖਸ਼ਿਆ ਨਹੀ ਜਾਵੇਗਾ।ਸਿਹਤ ਵਿਭਾਗ ਵੱਲੋਂ ਸਾਰੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ, ਡਾਇਗਨੋਸਟਿਕ ਸੈਂਟਰ, ਐਕਟ ਅਧੀਨ ਰਜਿਸ਼ਟਰ ਹਨ,ਜਿੰਨਾਂ ਦੀ ਲਗਾਤਾਰ ਜਾਂਚ ਕੀਤੀ ਜਾਂਦੀ ਹੈ। ਉਹਨਾ ਦੱਸਿਆ ਕਿ ਲਿੰਗ ਜਾਂਚ ਗੈਰ-ਕਾਨੂੰਨੀ ਅਤੇ ਇੱਕ ਸਜਾਯੋਗ ਅਪਰਾਧ ਹੈ। ਲੋਕਾਂ ਨੂੰ ਗਰਭਪਾਤ ਜਾਂ ਲਿੰਗ ਨਿਰਧਾਰਨ ਜਾਂਚ ਅਜਿਹੀਆਂ ਗੈਰਕਾਨੂੰਨੀ ਸਰਗਰਮੀਆਂ ਤੋਂ ਦੂਰ ਰਹਿਣ ਚਾਹੀਦਾ ਹੈ। ਨਾਗਰਿਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਪੂਰਨ ਲਾਭ ਲੈਣ, ਕੁੜੀ-ਮੁੰਡੇ ਵਿੱਚ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ। ਇਸ ਸਬੰਧੀ ਅੱਜ ਚੰਨਣ ਦੇਵੀ ਸਰਕਾਰੀ ਕੰਨਿਆ ਹਾਈ ਸਕੂਲ ਸਲੇਮ ਟਾਬਰੀ ਵਿਖੇ ਆਯੋਜਿਤ ਕੀਤੇ ਸੈਮੀਨਾਰ ਦੌਰਾਨ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਸਮਾਜ ਵਿੱਚ ਲੜਕੀਆਂ ਦੀ ਮਹੱਤਤਾ ਸਬੰਧੀ ਵਿਦਿਆਰਥਣਾਂ
ਨੂੰ ਜਾਗਰੂਕ ਕੀਤਾ। ਇਸ ਮੌਕੇ ਤੇ ਮੁੱਖ ਅਧਿਆਪਕ ਪੂਨਮ ਕਲੀ, ਅਧਿਆਪਕ ਰਿਤੂ ਚੌਪੜਾ,ਅਮਰਜੀਤ ਕੌਰ ਅਤੇ ਹਰਜੀਤ ਕੌਰ ਤੋਂ ਇਲਾਵਾ ਹੋਰ ਸਟਾਫ ਹਾਜ਼ਰ ਸੀ।






