ਇਹ ਜੋ ਭਾਰਤ ਪਾਕਿਸਤਾਨ ਵਿਚਕਾਰ ਜੰਗ ਦਾ ਐਲਾਨ ਐ,,,
ਸਿਆਸਤਦਾਨਾਂ ਲਈ ਇੰਤਕਾਮ ਤੇ ਆਮ ਜਨਤਾ ਲਈ ਪਲ ਪਲ ਦਾ ਇਮਤਿਹਾਨ ਐ।
ਜੀ, ਪਹਿਲਗਾਮ ਹਮਲੇ ਤੋਂ ਲੈ ਕੇ ਭਾਰਤ ਵਲੋਂ ਪਾਕਿਸਤਾਨ ਤੇ ਆਪ੍ਰੇਸ਼ਨ ਸਿੰਧੂਰ ਤਹਿਤ ਹਮਲਾ ਕਰਨ ਤੱਕ ਜੇਕਰ ਅਸੀਂ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਜੰਗ ਭਾਰਤ ਪਾਕਿਸਤਾਨ ਦੇ ਵਿਚਕਾਰ ਦੋ ਮੁਲਕਾਂ ਦੀ ਨਾ ਹੋ ਕੇ ਇੱਕ ਧਰਮ ਯੁੱਧ ਮੋਰਚੇ ਦੀ ਮਿਸਾਲ ਬਣਦੀ ਜਾ ਰਹੀ ਹੈ। ਪਹਿਲਗਾਮ ਵਿਚ ਹੋਏ ਆਤੰਕਵਾਦੀ ਹਮਲੇ ਵਿਚ ਸਿਰਫ ਇਹੀ ਪੁੱਛ ਕੇ ਜਾਨੋਂ ਮਾਰਨਾ ਕਿ ਹਿੰਦੂ ਹੋ ਜਾਂ ਮੁਸਲਮਾਨ ਜੇਕਰ ਹਿੰਦੂ ਤਾਂ ਖ਼ਤਮ ਜੇ ਮੁਸਲਮਾਨ ਤਾਂ ਛੱਡ ਦਿੱਤਾ ਜਾਂਦਾ ਹੈ। ਕੀ ਇਹ ਸਿਆਸਤਦਾਨਾਂ ਵਲੋਂ ਧਰਮ ਦੇ ਨਾਂ ਤੇ ਖੇਡ ਖੇਡਣ ਵਾਲੀ ਗੱਲ ਨਹੀਂ ਹੈ? ਇਹ ਖੇਡ ਸਿਰਫ਼ ਹਿੰਦੂ ਮੁਸਲਮਾਨ ਦੇ ਨਾਂ ਤੇ ਹੀ ਕਿਉਂ ਖੇਡੀ ਜਾ ਰਹੀ ਹੈ। ਕਿਉਂ ਦੇਸ਼ ਦਾ ਆਮ ਨਾਗਰਿਕ ਅੱਜ, ਨਾਗਰਿਕ ਨਾ ਹੋ ਕੇ ਹਿੰਦੂ, ਮੁਸਲਮਾਨ, ਸਿੱਖ ਹੋ ਗਿਆ? ਜੰਗੀ ਹਮਲਿਆਂ ਵਿਚ ਮਾਰੇ ਜਾ ਰਹੇ ਜਾਂ ਭਵਿੱਖ ਵਿੱਚ ਮਰਨ ਵਾਲੇ ਕੀ ਸਾਰੇ ਆਤੰਕਵਾਦੀ ਹੋਣਗੇ, ਮਰਨ ਵਾਲਾ ਜਾਂ ਇਉਂ ਕਹਿ ਲਵੋ ਇਸ ਧਰਮ ਯੁੱਧ ਦੀ ਭੇਟ ਚੜਨ ਵਾਲਾ ਕੋਈ ਨਿਰਦੋਸ਼ ਨਹੀਂ ਹੋਵੇਗਾ। ਇਸ ਤਬਾਹੀ ਜਾਂ ਗੰਦੀ ਸਿਆਸਤ ਦੀ ਖੇਡ ਤੋਂ ਬਾਅਦ ਜੋ ਹੋਵੇਗਾ ਸੋਚੋਂ ਕਿੰਨਾ ਖੌਫ਼ਨਾਕ ਹੋਵੇਗਾ, ਕਿਤੇ ਬੁੱਢੇ ਮਾਂ ਪਿਓ ਅੱਖੀਂ ਅੱਥਰੂ ਭਰੀਂ ਆਪਣੇ ਧੀ,ਪੁੱਤਰ ਨੂੰ ਉਡੀਕ ਰਹੇ ਹੋਣਗੇ,ਇਹ ਜੋ ਸਿੰਧੂਰ ਆਪ੍ਰੇਸ਼ਨ,,,,, ਹਾਂ, ਫਿਰ ਕਈ ਸੁਹਾਗਣਾਂ ਆਪਣੇ ਸਿੰਧੂਰਵੰਤਿਆਂ ਨੂੰ ਹੀ ਉਡੀਕ ਰਹੀਆਂ ਹੋਣਗੀਆਂ ਤੇ ਬੱਚੇ ਕਰਸਾਈਆਂ ਅੱਖਾਂ ਨਾਲ ਸੂਰਮੇ ਪਿਓ ਨੂੰ। ਧਰਮ ਦੇ ਨਾਂ ਤੇ ਅਗਨ ਭੇਂਟਾ ਵਿੱਚ ਫੌਜੀਆਂ,ਆਮ ਨਿਰਦੋਸ਼ ਲੋਕਾਂ ਨੂੰ ਸੁੱਟਣ ਵਾਲੇ ਸਿਆਸਤਦਾਨ ਫਿਰ ਤੋਂ ਆਪਣੇ ਦੇਸ਼ ਨੂੰ ਵੇਚ ਰਹੇ ਹੋਣਗੇ, ਤੇ ਆਮ ਨਾਗਰਿਕ ਨਿਰਦੋਸ਼ ਲੋਕ ਆਪਣੀ ਕੀਮਤੀ ਜਾਨਾਂ ਵਾਰ ਕੇ ਇਸ ਦੀ ਕੀਮਤ ਅਦਾ ਕਰ ਚੁੱਕੇ ਹੋਣਗੇ। ਮੀਡੀਆ ਦਿਖਾਵੇਗਾ ਦੋਨੋਂ ਤਰਫੋਂ ਮਰੇ ਲੋਕਾਂ ਦਾ ਵੇਰਵਾ,,, ਪਰ ਕੀ ਮਰਨ ਵਾਲਿਆਂ ਤੇ ਇਹ ਟੈਗ ਲੱਗਿਆ ਹੋਵੇਗਾ ਕਿ ਇਹ ਆਤੰਕਵਾਦੀ ਹੈ ਜਾਂ ਕਹਿ ਲਓ ਪਾਕਿਸਤਾਨ ਵਿਚ ਜੋ ਮਰਨਗੇ ਉਹ ਸਿਰਫ਼ ਹਿੰਦੂ ਹੋਣਗੇ ਜਾਂ ਹਿੰਦੁਸਤਾਨ ਵਿੱਚ ਜੋ ਮਰਨਗੇ ਉਹ ਸਿਰਫ਼ ਮੁਸਲਮਾਨ ਹੋਣਗੇ। ਜਾਂ ਕੀ? ਸਿਰਫ ਬੇਕਸੂਰਾਂ ਦੇ ਹਿੱਸਿਆਂ ਵਿੱਚ ਹੀ ਫਿਰ ਤੋਂ ਸੰਤਾਪ ਝੱਲਣ ਦਾ ਦਰਦ ਲਿਖਿਆ ਜਾਵੇਗਾ। ਹੁਣ ਵੀ ਸਮਾਂ ਹੈ ਇਹ ਸਭ ਟਾਲਿਆ ਜਾ ਸਕਦਾ ਹੈ।ਇਹ ਬੇਵਜ੍ਹਾ ਦਾ ਧਰਮਯੁੱਧ ਰੋਕਿਆ ਜਾ ਸਕਦਾ ਹੈ। ਦੇਸ਼ ਦੀ ਜਨਤਾ ਨੂੰ ਜਾਗਣ ਦੀ ਜ਼ਰੂਰਤ ਹੈ। ਇਨਸਾਨੀਅਤ ਦਾ ਆਇਨਾ ਦੇਖਣ ਦੀ ਜ਼ਰੂਰਤ ਹੈ। ਇਨਸਾਨ ਦਾ ਕੋਈ ਧਰਮ ਨਹੀਂ ਹੁੰਦਾ। ਕੋਈ ਵੀ ਇਨਸਾਨ ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ ਹੁੰਦਾ। ਅਤੇ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ। ਪਿਛਲੇ ਸਾਲ ਸ਼੍ਰੀਲੰਕਾ ਵਿੱਚ ਜੋ ਹੋਇਆ ਉਸਦਾ ਹਸ਼ਰ ਸਾਰੀ ਦੁਨੀਆਂ ਸਾਹਮਣੇ ਹੈ। ਜਦੋਂ ਉਥੋਂ ਦੀ ਜਨਤਾ ਦੀ ਅੱਖੋਂ ਧਰਮ ਦਾ ਪਰਦਾ ਹਟਿਆ ਤਾਂ ਉੱਦੋਂ ਲੋਕਾਂ ਨੂੰ ਸਮਝ ਲੱਗੀ ਕਿ ਉਹ ਬੁਰੀ ਤਰ੍ਹਾਂ ਲੁੱਟ ਚੁੱਕੇ ਹਨ। ਭਾਰਤ ਵਾਸੀ ਵੀ ਸੁਚੇਤ ਹੋਣ। ਅੱਖਾਂ ਤੋਂ ਧਰਮ ਦਾ ਚਸ਼ਮਾ ਹਟਾ ਕੇ ਇਨਸਾਨੀਅਤ ਦਾ ਗੀਤ ਗਾਉਣ ਤਾਂ ਹੀ ਸਾਡਾ ਵਜੂਦ ਕਾਇਮ ਰਹਿ ਸਕਦਾ ਹੈ। ਨੁਕਸਾਨ ਦੋਨਾਂ ਤਰਫੋਂ ਹੀ ਹੋਵੇਗਾ। ਬਸ ਸਿਆਸਤਦਾਨ ਨੂੰ ਛੱਡ ਕੇ ਆਮ ਜਨਤਾ ਦਾ ਹੋਏਗਾ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਬੋਂਦਲੇ ਲੜਾਕਿਆਂ ਵਿੱਚੋਂ ਫਿਰ ਬਾਗ਼ੀ ਪੈਦਾ ਹੋਣਗੇ। ਅਤੇ ਆਤੰਕਵਾਦ ਸੁਡੋਲ ਹੁੰਦਾ ਜਾਏਗਾ। ਲੋੜ ਹੈ। ਇਨਸਾਨੀਅਤ ਨੂੰ ਬਚਾਉਣ ਦੀ ਨਾਂ ਕਿ ਧਰਮਾਂ ਦੇ ਨਾਂ ਤੇ ਅਗਨ ਭੇਟਾ ਹੋਣ ਦੀ । ਰੋਕਣ ਦੀ ਜ਼ਰੂਰਤ ਹੈ ਇਸ ਅੰਜ਼ਾਮ ਤੱਕ ਪਹੁੰਚਣ ਦੀ ਕਿ
ਵਿਸਰ ਗਿਆ ਵੀ ਇਹ ਦਿਨ ਜੇਕਰ ,
ਪਰ ਉਹ ਫਿਰ ਵੀ ਭੁੱਲੇਗਾ ਨਹੀਂ
ਜਿਸ ਬੱਚੇ ਨੇ ਵੀ ਆਪਣਾ
ਮਾਂ ਬਾਪ ਖੋਣਾ ਇਸ ਜੰਗ ਵਿੱਚ
ਬੇਸ਼ਰਤ ਉਹ ਰੁਲੇਗਾ ਨਹੀਂ
ਉਹ ਬਾਗ਼ੀ ਹੋਏਗਾ, ਪਰ ਰੋਏਗਾ ਨਹੀਂ।
ਜਦੋਂ ਹਰ ਦਰਦ ਤਬਾਹੀ ਨਾਲ ਰਾਬਤਾ ਹੋਣਾ ਉਸਦਾ
ਉਹ ਇੰਤਕਾਮ ਚਾਹੇਗਾ,
ਫੇਰ ਹਕੂਮਤ ਲਈ ਅਮਨ ਨਹੀਂ
ਇੱਕ ਰਾਤ ਜੇ ਕੱਲਿਆਂ ਡਰ ਵੀ ਗਿਆ ਕਿਧਰੇ਼
ਸੁਣ, ਉਹ ਮਜ਼ਬੂਤ ਹੀ ਹੋਵੇਗਾ
ਦੋਬਾਰਾ ਜ਼ੁਲਮ ਸਹੇਗਾ ਨਹੀਂ।
ਨਾ ਪੁੱਛਣਾ ਫੇਰ ਉਸ ਨੂੰ ,
ਤੂੰ ਬਾਗ਼ੀ ਕਿਵੇਂ ਹੋਇਆ,
ਕਿਉਂ ਉਹ ਖੋਫ਼ਨਾਕ ਮੰਜ਼ਰ
ਉਹਦੇ ਮਨ ਅੰਦਰੋਂ , ਕਦੇ ਢਹੇਗਾ ਨਹੀਂ।
ਜਦ ਉਹ ਲੜੇਗਾ ਇੱਕ ਕਮਜ਼ੋਰ ਲੜਾਕੇ ਵਾਂਗਰਾਂ ,
ਨਿਊਕਲੀਅਰ ਹਥਿਆਰ ਜਿਹਾ ਉਹਦਾ ਦਿਲ ਹੋਣਾ ,
ਹਕੂਮਤ ਨੂੰ ਯਕੀਨਨ ਢਾਹ ਲਾਏਗਾ
ਪਰ ਟਲੇਗਾ ਨਹੀਂ, ਉਹ ਟਲੇਗਾ ਨਹੀਂ।
ਹੁਣ ਵੀ ਸਮਾਂ ਹੈ ਸੰਭਲ ਜਾਣ ਦਾ, ਜੰਗ ਦੇ ਹਸ਼ਰ ਹਮੇਸ਼ਾ ਦੁਖਦਾਈ ਹੀ ਰਹੇ ਹਨ। ਭਲਾ ਅੱਜ ਤੱਕ ਇਹਦੇ ਨਾਲ ਕਿਸ ਦਾ ਭਲਾ ਹੋਇਆ ਹੈ। ਸਜ਼ਾਵਾਂ ਭੁਗਤੀਆਂ ਨੇ ਬਸ ਜਾਨ ਦੀ ਕੀਮਤ ਚੁੱਕਾ ਕੇ ਬੇਦੋਸ਼ ਜਨਤਾ ਨੇ।