ਲੁਧਿਆਣਾ 24 ਜੂਨ -ਸਿਵਲ ਸਰਜਨ ਡਾ ਰਮਨਦੀਪ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਮਾਸ ਮੀਡੀਆ ਵਿੰਗ ਦੀ ਟੀਮ ਵੱਲੋਂ ਜਿਲ੍ਹੇ ਭਰ ਵਿੱਚ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਮੇ ਸਮੇ ਤੇ ਵੱਖ ਵੱਖ ਵਿਸ਼ਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਤਹਿਤ ਅੱਜ ਸਰਕਾਰੀ ਆਈ ਟੀ ਆਈ ਲੜਕੀਆਂ ਨੇੜੇ ਘੁੰਮਾਰ ਮੰਡੀ ਲੁਧਿਆਣਾ ਵਿਖੇ ਸਿੱਖਿਆਰਥਣਾਂ ਨੂੰ ਜਾਗਰੂਕ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਰਮਨਦੀਪ ਕੌਰ ਨੇ ਦੱਸਿਆ ਕਿ ਮਾਦਾ ਭਰੂਣ ਹੱਤਿਆ ਇੱਕ ਸਮਾਜਿਕ ਬੁਰਾਈ ਅਤੇ ਕਾਨੂੰਨੀ ਜੁਰਮ ਹੈ।ਅਜਿਹੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਰਕਾਰ ਅਤੇ ਸਿਹਤ ਵਿਭਾਗ ਪੂਰਨ ਰੂਪ ਵਿੱਚ ਯਤਨਸ਼ੀਲ ਹੈ।ਉਨਾਂ ਦੱਸਿਆ ਕਿ ਜਿਲ੍ਹਾ ਲੁਧਿਆਣਾ ਵਿੱਚ ਪੀ ਸੀ — ਪੀ ਐਨ ਡੀ ਟੀ ਐਕਟ ਪੂਰਨ ਰੂਪ ਵਿੱਚ ਲਾਗੂ ਕੀਤਾ ਗਿਆ ਹੈ।ਇਸ ਐਕਟ ਦੀ ਪਾਲਣਾ ਵਿੱਚ ਕੀਤੀ ਗਈ ਕੁਤਾਹੀ ਨੂੰ ਬਖਸਿ਼ਆ ਨਹੀ ਜਾਵੇਗਾ।ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਆਮ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ ਤਾਂ ਹੀ ਸਿਹਤਮੰਦ ਅਤੇ ਸੱਭਿਅਕ ਸਮਾਜ ਦੀ ਸਿਰਜਣਾ ਹੋ ਸਕਦੀ ਹੈ।ਇਸ ਮੌਕੇ ਸਿੱਖਿਆਰਣਾਂ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅਜੋਕੇ ਸਮੇ ਵਿੱਚ ਲੜਕੇ ਅਤੇ ਲੜਕੀਆਂ ਵਿੱਚ ਕੋਈ ਫਰਕ ਨਹੀ ਹੈ।ਕੁੜੀਆਂ ਵੀ ਮੁੰਡਿਆਂ ਵਾਂਗ ਪੜ੍ਹ ਲਿਖਕੇ ਆਪਣੇ ਪੈਰਾਂ ਸਿਰ ਖੜੀਆਂ ਹੋਕੇ ਆਪਣੇ ਮਾਪਿਆਂ ਦਾ ਸਹਾਰਾ ਬਣਦੀਆਂ ਹਨ।ਇਸ ਲਈ ਹਰ ਇੱਕ ਮਾਂ ਬਾਪ ਨੂੰ ਆਪਣੀ ਕੁੜੀ ਦੇ ਜਨਮ ਤੇ ਵੀ ਉਨੀ ਹੀ ਖੁਸ਼ੀ ਮਨਾਉਣੀ ਚਾਹੀਦੀ ਹੈ,ਜਿੰਨੀ ਕਿ ਮੁੰਡੇ ਦੇ ਜਨਮ ਦਿਨ ਤੇ ਮਨਾਈ ਜਾਂਦੀ ਹੈ।ਉਨਾਂ ਸਿੱਖਿਅਰਥਣਾਂ ਨੂੰ ਦੱਸਿਆ ਕਿ ਕੁੜੀਆਂ ਵੀ ਪੜ੍ਹ ਲਿਖਕੇ ਵੱਖ-ਵੱਖ ਅਹੁਦਿਆਂ ਤੇ ਪਹੁੰਚ ਚੁੱਕੀਆਂ ਹਨ।ਕੁੜੀਆਂ ਵੀ ਸਮਾਜ ਵਿੱਚ ਆਪਣੇ ਮਾਂ ਬਾਪ ਦੀ ਆਗਿਆਕਾਰ ਬਣਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ।ਇਸ ਮੌਕੇ ਪ੍ਰਿੰਸੀਪਲ ਅਮਨਦੀਪ ,ਇੰਸਟਰੈਕਟਰ ਸੰਤੋਸ਼ ਕੁਮਾਰੀ, ਹਰਪ੍ਰੀਤ ਕੌਰ,ਕੁਲਵਿੰਦਰ ਸਿੰਘ,ਸੀਨੀਅਰ ਸਹਾਇਕ ਭੀਮ ਚੰਦ ਅਤੇ ਕਲਰਕ ਜਗਦੀਪ ਕੁਮਾਰ ਹਾਜ਼ਰ ਸਨ।






