*120 ਮਰੀਜ਼ਾਂ ਦੀ ਕੀਤੀ ਜਾਂਚ *12 ਨਵੇਂ ਤਿਆਰ ਜਬਾੜੇ ਵੰਡੇ
ਫਗਵਾੜਾ (ਪ੍ਰੀਤੀ ਜੱਗੀ ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਮਿੱਠੀ ਯਾਦ ਨੂੰ ਸਮਰਪਿਤ ਦੰਦਾਂ ਅਤੇ ਜਬਾੜਿਆਂ ਦਾ 452ਵਾਂ ਫਰੀ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਨਿਗਰਾਨੀ ਹੇਠ ਲਗਾਇਆ ਗਿਆ। ਸਮਾਗਮ ਦੌਰਾਨ ਇੰਨਰਵ੍ਹੀਲ ਕਲੱਬ (ਡਿਸਟ੍ਰਿਕਟ 2070) ਦੇ ਡਿਸਟ੍ਰਿਕਟ ਚੇਅਰਮੈਨ ਮਨਮੋਹਨ ਕੌਰ ਸੂਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਪੀ.ਡੀ.ਸੀ. ਕੇਸ਼ਲਤਾ ਬਿਮਰਾ, ਇੰਨਰਵ੍ਹੀਲ ਕਲੱਬ ਫਗਵਾੜਾ ਦੇ ਪ੍ਰਧਾਨ ਸੁਮਿਤਾ ਪਰਾਸ਼ਰ, ਡਿਸਟ੍ਰਿਕਟ ਅਡੀਟਰ ਡਾ. ਸੀਮਾ ਰਾਜਨ, ਸਰੋਜ ਪੱਬੀ ਸਾਬਕਾ ਪ੍ਰਧਾਨ ਅਤੇ ਉਦਯੋਗਪਤੀ ਅਸ਼ੋਕ ਸੇਠੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਲਗਵਾਈ। ਮੁੱਖ ਮਹਿਮਾਨ ਮਨਮੋਹਨ ਕੌਰ ਸੂਰੀ ਨੇ ਦੀਪ ਪ੍ਰਜਵੱਲਿਤ ਕਰਕੇ ਕੈਂਪ ਦਾ ਸ਼ੁੱਭ ਆਰੰਭ ਕਰਵਾਇਆ। ਇਸ ਮੌਕੇ 12 ਲੋੜਵੰਦ ਬਜ਼ੁਰਗਾਂ ਨੂੰ ਨਵੇਂ ਤਿਆਰ ਕੀਤੇ ਜਬਾੜੇ ਵੰਡਦਿਆਂ ਉਹਨਾਂ ਨੇ ਬਲੱਡ ਬੈਂਕ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਦੌਰਾਨ ਸੀ.ਐਮ.ਸੀ. ਲੁਧਿਆਣਾ ਤੋਂ ਡਾ. ਤਮਨਪ੍ਰੀਤ ਸਿੰਘ ਦੀ ਅਗਵਾਈ ‘ਚ ਪਹੁੰਚੀ ਮਾਹਿਰ ਡਾਕਟਰਾਂ ਦੀ 25 ਮੈਂਬਰੀ ਮੋਬਾਈਲ ਟੀਮ ਨੇ ਲਗਭਗ 120 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜਵੰਦਾਂ ਦੇ ਦੰਦ ਸਾਫ਼ ਕੀਤੇ ਗਏ ਅਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ, ਮਰੀਜ਼ਾਂ ਦੇ ਟੁੱਟੇ ਦੰਦਾਂ ਦੀ ਫਿਲਿੰਗ ਵੀ ਕੀਤੀ ਗਈ। ਡਾ. ਤਮਨਪ੍ਰੀਤ ਨੇ ਹਾਜਰੀਨ ਨੂੰ ਦੰਦਾਂ ਦੀ ਸੰਭਾਲ ਬਾਰੇ ਜਾਗਰੁਕ ਵੀ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 15 ਮਈ ਦਿਨ ਵੀਰਵਾਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਸੋਨਮ ਸਹਿਦੇਵ, ਭਾਰਤੀ ਰਾਓ, ਹਰਜੀਵਨ ਜੈਨ, ਜਸਵਿੰਦਰ ਸਿੰਘ ਸੂਰੀ ਪ੍ਰਧਾਨ ਰੋਟਰੀ ਕਲੱਬ, ਕੁਲਦੀਪ ਦੁੱਗਲ, ਗੁਲਸ਼ਨ ਕਪੂਰ, ਮੋਹਨ ਲਾਲ ਤਨੇਜਾ, ਐਨ.ਐਸ. ਸੈਣੀ, ਰੂਪ ਲਾਲ, ਸੁਭਾਸ਼ ਚਾਵਲਾ ਆਦਿ ਹਾਜਰ ਸਨ।