ਫਗਵਾੜਾ 8 ਮਈ (ਪ੍ਰੀਤੀ): ਫਗਵਾੜਾ ਪੁਲਿਸ ਵਲੋਂ ਦੋਹਰੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਜਾਉਂਦੇ ਹੋਏ 3 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਮਾਮਲੇ ਸਬੰਧੀ ਪੱਤਰਕਾਰਾਂ ਨਾਲ ਵਾਰਤਾਲਾਭ ਕਰਦੇ ਐੱਸ ਐੱਸ ਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਸੰਜੀਵ ਕੁਮਾਰ ਅਤੇ ਉਸ ਦੀ ਦੋਸਤ ਜੋ ਕਿ ਫਗਵਾੜਾ ਜੀ ਟੀ ਰੋਡ ‘ਤੇ ਸਥਿਤ ਏਆਈਜੀ ਫਲੈਟਾਂ ‘ਚ ਰਹਿੰਦੇ ਹਨ, ਜਿਥੋਂ ਉਹ ਲਾਪਤਾ ਹਨ।ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪੁਲਿਸ ਦੀ ਟੀਮ ਮੌਕੇ ‘ਤੇ ਫਲੈਟ ‘ਚ ਪੁੱਜੀ ਤਾਂ ਉਥੇ ਉਨ੍ਹਾਂ ਨੂੰ ਪਲਕਦੀਪ ਨਾਂ ਦੀ ਇਕ ਲੜਕੀ ਮਿਲੀ, ਜਿਸ ਨੇ ਪੁਲਿਸ ਨੂੰ ਦੱਸਿਆ ਕਿ 3 ਅਣਪਛਾਤੇ ਵਿਅਕਤੀਆਂ ਵਲੋਂ ਉਸ ਦੀ ਮਾਂ ਅੰਜੁ ਪਾਲ ਅਤੇ ਸੰਜੀਵ ਕੁਮਾਰ ਨੂੰ ਅਗਵਾ ਕਰ ਲਿਆ ਗਿਆ। ਇਸ ਤੋਂ ਬਾਅਦ ਪੁਲਿਸ ਵਲੋਂ ਤੁਰੰਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਲਈ ਪ੍ਰਭਜੋਤ ਸਿੰਘ ਵਿਰਕ ਐਸ.ਪੀ.ਡੀ. ਕਪੂਰਥਲਾ ਅਤੇ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਐਸ.ਪੀ. ਫਗਵਾੜਾ ਦੀ ਅਗਵਾਈ ਹੇਠ ਤੁਰੰਤ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ, ਜਿਸ ‘ਚ ਭਾਰਤ ਭੂਸ਼ਣ ਡੀ.ਐਸ.ਪੀ ਫਗਵਾੜਾ, ਪਰਮਿੰਦਰ ਸਿੰਘ ਡੀ.ਐਸ.ਪੀ. ਡਿਟੈਕਟਿਵ ਕਪੂਰਥਲਾ, ਇੰਸਪੈਕਟਰ ਜਰਨੈਲ ਸਿੰਘ ਸੀ ਸੀ.ਆਈ.ਏ. ਕਪੂਰਥਲਾ, ਸਬ ਇੰਸਪੈਕਟਰ ਬਿਸਮਨ ਸਿੰਘ ਸੀ ਸੀ.ਆਈ.ਏ. ਫਗਵਾੜਾ ਅਤੇ ਥਾਣਾ ਸਦਰ ਫਗਵਾੜਾ ਦੀ ਪੁਲਿਸ ਟੀਮ ਸ਼ਾਮਲ ਕੀਤਾ ਸੀ।ਗਠਨ ਕੀਤੀਆਂ ਟੀਮਾਂ ਵਲੋਂ ਤੁਰੰਤ ਮੌਕੇ ਦਾ ਦੌਰਾ ਕੀਤਾ ਗਿਆ ਅਤੇ ਖੁਫੀਆ ਜਾਣਕਾਰੀ ਰਾਹੀਂ ਜਾਂਚ ਸ਼ੁਰੂ ਕੀਤੀ ਗਈ। ਖੁਫੀਆ ਜਾਣਕਾਰੀ ਰਾਹੀਂ ਪੁਲਿਸ ਵਲੋਂ ਇਸ ਮਾਮਲੇ ਦੇ ਮੁੱਖ ਦੋਸ਼ੀ ਦੀ ਪਛਾਣ ਕੀਤੀ ਗਈ, ਜਿਸ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਪਿੰਦਰ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਤਲਵਾੜਾ ਹੈਬੋਵਾਲ ਲੁਧਿਆਣਾ ਵਜੋਂ ਹੋਈ, ਜੋ ਕਿ ਜੇਲ੍ਹ ‘ਚੋਂ ਪੈਰੋਲ ‘ਤੇ ਆਇਆ ਹੋਇਆ ਸੀ ਅਤੇ ਹੁਣ ਫਰਾਰ ਚੱਲ ਰਿਹਾ ਸੀ। ਇਸ ਨੂੰ ਪੁਲਿਸ ਵਲੋਂ ਗੁਜਰਾਤ ਦੇ ਕੱਛ ਖੇਤਰ ਵਿਚ ਛਾਪੇਮਾਰੀ ਕਰ ਕਾਬੂ ਕਰ ਲਿਆ ਗਿਆ। ਪੁਲਿਸ ਵਲੋਂ ਮੁਲਜ਼ਮ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੂੰ ਮੁਲਜ਼ਮ ਦਾ 8 ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਰਿਮਾਂਡ ਦੌਰਾਨ ਪੁੱਛਗਿੱਛ ‘ਚ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ 2019 ਵਿੱਚ ਅੰਜੁ ਪਾਲ ਨਾਲ ਹੋਇਆ ਸੀ, ਜਦੋਂ ਵੀ ਉਹ ਪੈਰੋਲ ‘ਤੇ ਆਉਂਦਾ ਸੀ ਤਾਂ ਆਪਣੀ ਪਤਨੀ ਨੂੰ ਮਿਲ ਕੇ ਜਾਂਦਾ ਸੀ ਪਰ ਹੁਣ ਉਸ ਦੀ ਪਤਨੀ ਨੇ ਉਸ ਨੂੰ ਮੈਸੇਜ ਕਰਨਾ ਬੰਦ ਕਰ ਦਿੱਤਾ ਸੀ। 19 ਅਤੇ 20 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਦੋਸਤ ਮਨਜੋਤ ਸਿੰਘ ਉਰਫ ਫਰੂਟੀ ਪੁੱਤਰ ਗੁਰਦੀਪ ਸਿੰਘ ਵਾਸੀ ਲੁਧਿਆਣਾ ਅਤੇ ਇਕ ਹੋਰ ਸਾਥੀ ਨਾਲ ਏਆਈਜੀ ਫਲੈਟ ‘ਚ ਗਿਆ ਅਤੇ ਆਪਣੀ ਪਤਨੀ ਅੰਜੁ ਪਾਲ ਅਤੇ ਉਸ ਦੇ ਦੋਸਤ ਸੰਜੀਵ ਕੁਮਾਰ ਦੇ ਹੱਥ ਪੈਰ ਬੰਨ੍ਹ ਕੇ ਗੰਨ ਪੁਆਇੰਟ ‘ਤੇ ਅਗਵਾ ਕਰ ਲਿਆ। ਲੁਧਿਆਣਾ ‘ਚ ਪੈਂਦੇ ਪਿੰਡ ਚਾਹੜ ਥਾਣਾ ਲਾਡੋਵਾਲ ਵਿਖੇ ਇਕ ਖੇਤ ਵਿਚ ਲੈ ਗਿਆ, ਜਿੱਥੇ ਮੈਂ ਆਪਣੇ ਦੋਵਾਂ ਸਾਥੀਆਂ ਦੀ ਸਹਾਇਤਾ ਨਾਲ ਅਗਵਾ ਕੀਤੇ ਹੋਏ ਅੰਜੁ ਪਾਲ ਅਤੇ ਸੰਜੀਵ ਕੁਮਾਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ਾਂ ਨੂੰ ਖੇਤ ਵਿਚ ਹੀ ਦਬਾ ਦਿੱਤਾ।ਪੁਲਿਸ ਵਲੋਂ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਪੁਲਿਸ ਨੇ ਇਸ ਮਾਮਲੇ ‘ਚ ਮੁਲਜ਼ਮਾਂ ਦੀ ਸਹਾਇਤਾ ਕਰਨ ਵਾਲੇ ਇਕ ਹੋਰ ਨੌਜਵਾਨ ਜਸਨਪ੍ਰੀਤ ਉਰਫ ਜੱਸੂ ਵਾਸੀ ਲੁਧਿਆਣਾ ਨੂੰ ਕਾਬੁ ਕੀਤਾ। ਐੱਸ ਐੱਸ ਪੀ ਦੇ ਦੱਸਣ ਮੁਤਾਬਿਕ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਕਾਫੀ ਮਾਮਲੇ ਦਰਜ ਹਨ।