ਲੁਧਿਆਣਾ, 12 ਜੂਨ, 2025 :
ਪ੍ਰੀਜ਼ਾਈਡਿੰਗ ਅਫਸਰਾਂ (ਪੀ.ਆਰ.ਓ), ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ (ਏ.ਪੀ.ਆਰ.ਓ) ਅਤੇ ਪੋਲਿੰਗ ਅਫਸਰ (ਪੀ.ਓ) ਲਈ ਦੂਜਾ ਸਿਖਲਾਈ ਸੈਸ਼ਨ ਵੀਰਵਾਰ ਨੂੰ ਸਿਵਲ ਲਾਈਨਜ਼ ਦੇ ਖਾਲਸਾ ਕਾਲਜ (ਲੜਕੀਆਂ) ਵਿੱਚ ਆਯੋਜਿਤ ਕੀਤਾ ਗਿਆ।
ਜਨਰਲ ਆਬਜ਼ਰਵਰ ਰਾਜੀਵ ਕੁਮਾਰ ਆਈ.ਏ.ਐਸ ਇਸ ਮੌਕੇ ‘ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਭਾਗੀਦਾਰਾਂ ਨੂੰ ਸੰਬੋਧਨ ਵੀ ਕੀਤਾ।
ਸਿਖਲਾਈ ਪ੍ਰੋਗਰਾਮ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਈ.ਵੀ.ਐਮ ਦੀ ਵਰਤੋਂ ਬਾਰੇ ਉਨ੍ਹਾਂ ਦੀ ਭੂਮਿਕਾ/ਕਰਤੱਵਾਂ ਨਾਲ ਸਬੰਧਤ ਸਿਖਲਾਈ ਦਿੱਤੀ ਗਈ। ਉਨ੍ਹਾਂ ਨੂੰ ਨਿਰਧਾਰਤ ਫਾਰਮਾਂ ਰਾਹੀਂ ਸਹੀ ਅਤੇ ਢੁਕਵੀਂ ਰਿਪੋਰਟਿੰਗ ਬਾਰੇ ਵੀ ਮਾਰਗਦਰਸ਼ਨ ਕੀਤਾ ਗਿਆ।
ਈ.ਵੀ.ਐਮ ‘ਤੇ ਮੌਕ ਡਰਿੱਲ ਦੌਰਾਨ ਵਿਅਕਤੀਗਤ ਅਧਿਕਾਰੀਆਂ ਨੇ ਡਮੀ ਉਮੀਦਵਾਰਾਂ ਲਈ ਈ.ਵੀ.ਐਮ ਵਿੱਚ ਬੇਤਰਤੀਬ ਆਧਾਰ ‘ਤੇ ਵੋਟਾਂ ਪਾਈਆਂ। ਮੌਕ ਵੋਟਿੰਗ ਪੂਰੀ ਹੋਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰਾਂ ਨੇ ਨਿੱਜੀ ਤੌਰ ‘ਤੇ ਪਾਈਆਂ ਗਈਆਂ ਵੋਟਾਂ ਦੇ ਦਸਤੀ ਰਿਕਾਰਡ ਨੂੰ ਕੰਟਰੋਲ ਯੂਨਿਟ ਦੇ ਇਲੈਕਟ੍ਰਾਨਿਕ ਨਤੀਜੇ ਨਾਲ ਜੋੜਿਆ ਅਤੇ ਇਸ ਤੋਂ ਬਾਅਦ ਕੰਟਰੋਲ ਯੂਨਿਟ ਤੋਂ ਇਲੈਕਟ੍ਰਾਨਿਕ ਨਤੀਜਾ ਸਬੰਧਤ ਵੀ.ਵੀ ਪੈਟ ਸਲਿੱਪਾਂ ਦੀ ਗਿਣਤੀ ਨਾਲ ਜੋੜਿਆ ਗਿਆ।
ਪ੍ਰੀਜ਼ਾਈਡਿੰਗ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਪੋਲਿੰਗ ਅਫ਼ਸਰਾਂ ਨੇ ਇਸ ਵਿਹਾਰਕ ਸਿਖਲਾਈ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਅਤੇ ਈ.ਵੀ.ਐਮ ਮਸ਼ੀਨਾਂ ਦੇ ਕੰਮਕਾਜ ਵਿੱਚ ਪੂਰਾ ਵਿਸ਼ਵਾਸ ਦਿਖਾਇਆ।