ਜਲੰਧਰ (ਅਮ੍ਰਿੰਤਪਾਲ ਸਿੰਘ ਬੱਲ) ਜਲੰਧਰ ਦਿਹਾਤੀ ਪੁਲੀਸ ਦੀ ਸੀਆਈਏ ਟੀਮ ਨੇ ਵੀਰਵਾਰ ਨੂੰ ਸੂਰਾ ਪਿੰਡ ਨੇੜੇ ਇਕ ਮੁਕਾਬਲੇ ਤੋਂ ਬਾਅਦ ਅਪਰਾਧੀ ਸਾਜਨ ਨਾਇਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਦੇ ਖ਼ਿਲਾਫ਼ 20 ਮਾਮਲੇ ਦਰਜ ਹਨ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦੀ ਨਿਗਰਾਨੀ ਹੇਠ ਕੀਤੇ ਗਏ ਇਸ ਆਪ੍ਰੇਸ਼ਨ ਵਿਚ ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਤੋਂ ਬਾਅਦ ਨਾਇਰ ਦੀ ਲੱਤ ‘ਤੇ ਸੱਟ ਲੱਗ ਗਈ।ਇਸ ਦੌਰਾਨ ਸਾਜਨ ਨਾਇਰ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ, ”ਜਲੰਧਰ ਦਿਹਾਤੀ ਜ਼ਿਲ੍ਹਾ ਸੀਆਈਏ ਪੁਲੀਸ ਟੀਮ ਨੇ ਸਵੇਰੇ 5:30 ਵਜੇ ਦੇ ਕਰੀਬ ਨਾਕਾਬੰਦੀ ਕੀਤੀ ਹੋਈ ਸੀ। ਇਕ ਵਿਅਕਤੀ ਮੋਟਰਸਾਈਕਲ ‘ਤੇ ਆਇਆ, ਜਿਸਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ। ਪੁਲੀਸ ਨੇ ਸ਼ੱਕ ਦੇ ਆਧਾਰ ‘ਤੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਸਨੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕੀਤੀ ਅਤੇ ਫਰਾਰ ਹੋ ਗਿਆ।” ਉਨ੍ਹਾਂ ਦੱਸਿਆ ਕਿ ਪਿੱਛਾ ਕਰਨ ਉਪਰੰਤ ਜਦੋਂ ਪੁਲੀਸ ਪਾਰਟੀ ਨੇ ਉਸ ਨੂੰ ਸੂਰਾ ਪਿੰਡ ਦੇ ਨੇੜੇ ਰੋਕਿਆ ਤਾਂ ਸ਼ੱਕੀ ਨੇ ਪੁਲੀਸ ਪਾਰਟੀ ‘ਤੇ ਮੁੜ ਗੋਲੀਬਾਰੀ ਕੀਤੀ।”ਚੇਤਾਵਨੀ ਉਪਰੰਤ ਪੁਲੀਸ ਪਾਰਟੀ ਵੱਲੋਂ ਸਵੈ-ਰੱਖਿਆ ਵਿੱਚ ਗੋਲੀ ਚਲਾਉਣ ਦੌਰਾਨ ਨਾਲ ਉਸਦੀ ਖੱਬੀ ਲੱਤ ਜ਼ਖਮੀ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਕਿ ਉਸ ਵਿਅਕਤੀ ਵਿਰੁੱਧ 20 ਮਾਮਲੇ ਦਰਜ ਹਨ। ਉਹ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਸੀ।