ਫਗਵਾੜਾ ( ਪ੍ਰੀਤੀ ) ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਫਰਜ਼ੀ ਅਤੇ ਦਿਖਾਵਾ ਕਰਾਰ ਦਿੰਦਿਆਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ’ਤੇ ਭਗਵੰਤ ਮਾਨ ਸਰਕਾਰ ਦੇ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਪਾਰਟੀ ਆਗੂ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਸਰਕਾਰੀ ਸਕੂਲਾਂ ‘ਚ ਹੋਏ ਵਿਕਾਸ ਕਾਰਜਾਂ ਦੇ ਫੀਤੇ ਕੱਟ ਕੇ ਨਾ ਸਿਰਫ਼ ਸਿੱਖਿਆ ਕ੍ਰਾਂਤੀ ਦੇ ਝੂਠੇ ਦਾਅਵੇ ਕਰ ਰਹੇ ਹਨ ਸਗੋਂ ਜਨਤਾ ਦੀਆਂ ਅੱਖਾਂ ‘ਚ ਘੱਟਾ ਵੀ ਪਾ ਰਹੇ ਹਨ। ਧਾਲੀਵਾਲ ਨੇ ‘ਆਪ’ ਸਰਕਾਰ ਵੱਲੋਂ ਸਕੂਲੀ ਵਿਕਾਸ ਅਤੇ ਉਦਘਾਟਨਾਂ ਨੂੰ ਪਬਲੀਸਿਟੀ ਸਟੰਟ ਦੱਸਿਆ ਅਤੇ ਕਿਹਾ ਕਿ ਫੋਕੀ ਸ਼ੋਹਰਤ ਦੇ ਲਾਲਚ ‘ਚ ਹਰੇਕ ਪ੍ਰੋਗਰਾਮ ਦੇ ਆਯੋਜਨ ਲਈ ਅਧਿਆਪਕਾਂ ਦੀਆਂ ਜੇਬਾਂ ਵਿੱਚੋਂ 15,000 ਤੋਂ 20,000 ਰੁਪਏ ਖਰਚ ਕਰਵਾਏ ਜਾ ਰਹੇ ਹਨ। ਜੋ ਕਿ ਖਾਸ ਕਰਕੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਦੀਆਂ ਜੇਬਾਂ ’ਤੇ ਡਾਕਾ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਪੁਰਾਣੇ ਡਾਕ ਖਾਨਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਸਰਕਾਰੀ ਐਲੀਮੈਂਟਰੀ ਸਕੂਲ ਚਾਚੋਕੀ ਤੇ ਖੇੜਾ ਰੋਡ ਸਮੇਤ ਬਹੁਤ ਸਾਰੇ ਸਕੂਲ ਹਨ, ਜਿੱਥੇ ਭਗਵੰਤ ਮਾਨ ਸਰਕਾਰ ਨੇ ਸਕੂਲਾਂ ਦੇ ਵਿਕਾਸ ’ਤੇ ਇੱਕ ਪੈਸਾ ਵੀ ਖਰਚ ਨਹੀਂ ਕੀਤਾ ਹੈ। ਕਈ ਸਾਲ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਕਮਰਿਆਂ ਦੇ ਸਾਹਮਣੇ ਨਵੇਂ ਪੱਥਰ ਰੱਖ ਕੇ ਉਦਘਾਟਨ ਕੀਤੇ ਜਾ ਰਹੇ ਹਨ, ਜੋ ਹਾਸੋਹੀਣੀ ਗੱਲ ਹੈ। ਬਿਹਤਰ ਹੁੰਦਾ ਜੇਕਰ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਮ ’ਤੇ ਸਕੂਲਾਂ ਨੂੰ ਗ੍ਰਾਂਟਾਂ ਜਾਰੀ ਕਰਦੀ। ਬੱਚਿਆਂ ਨੂੰ ਵਰਦੀਆਂ, ਕਿਤਾਬਾਂ ਅਤੇ ਹੋਰ ਜ਼ਰੂਰੀ ਸਮੱਗਰੀ ਪ੍ਰਦਾਨ ਕੀਤੀ ਜਾਂਦੀ। ਮਿਡ-ਡੇਅ ਮੀਲ ਦੇ ਪ੍ਰਬੰਧਨ ਵਿੱਚ ਸੁਧਾਰ ਕੀਤਾ ਜਾਂਦਾ। ਵਿਦਿਆਰਥੀਆਂ ਅਤੇ ਸਟਾਫ਼ ਦੀ ਸਹੂਲਤ ਲਈ, ਡਿਜੀਟਲ ਬਲੈਕ ਬੋਰਡ, ਵਧੀਆ ਫਰਨੀਚਰ ਆਦਿ ’ਤੇ ਪੈਸਾ ਖਰਚ ਕੀਤਾ ਜਾਂਦਾ ਅਤੇ ਸਿੱਖਿਆ ਦੇ ਨਾਮ ’ਤੇ ਕਾਰੋਬਾਰ ਕਰਨ ਵਾਲੇ ਨਿੱਜੀ ਸਕੂਲਾਂ ਦੀ ਲੁੱਟ ਨੂੰ ਰੋਕਿਆ ਜਾਂਦਾ ਤਾਂ ਲੋਕ ਸ਼ਲਾਘਾ ਵੀ ਕਰਦੇ। ਪਰ ਅਜਿਹੇ ਸੁਧਾਰਾਂ ਦੀ ਉਮੀਦ ਉਸ ਪਾਰਟੀ ਅਤੇ ਸਰਕਾਰ ਤੋਂ ਨਹੀਂ ਕੀਤੀ ਜਾ ਸਕਦੀ ਜਿਸਦੇ ਪਾਸ ਨੇਕ ਇਰਾਦਿਆਂ ਦੀ ਘਾਟ ਅਤੇ ਇੱਕੋ ਇੱਕ ਟੀਚਾ ਸੱਤਾ ਦੀ ਲਾਲਸਾ ਹੋਵੇ। ਕਾਂਗਰਸੀ ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ਼ ਕੱਸਦਿਆਂ ਕਿਹਾ ਮੋਜੂਦਾ ਰਾਜ ਵਿਚ ਤਾਂ ਪ੍ਰਵਾਸੀ ਭਾਰਤੀ ਪੰਜਾਬ ਦੇ ਪੇਂਡੂ ਵਿਕਾਸ ਅਤੇ ਸਕੂਲਾਂ ਲਈ ਗ੍ਰਾਂਟਾਂ ਭੇਜ ਰਹੇ ਹਨ। ਵਰਦੀਆਂ, ਖੇਡਾਂ ਦਾ ਸਾਮਾਨ, ਬੂਟ, ਮੋਜ਼ੇ ਅਤੇ ਸਟੇਸ਼ਨਰੀ ਆਦਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ। ਪੰਜਾਬ ਦੇ ਖ਼ਜ਼ਾਨੇ ਦਾ ਪੈਸਾ ਅਰਵਿੰਦ ਕੇਜਰੀਵਾਲ ਦੀ ਮਹਿਮਾਨ ਨਿਵਾਜ਼ੀ ’ਤੇ ਖਰਚ ਕੀਤਾ ਜਾ ਰਿਹਾ ਹੈ। ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਬਣ ਚੁੱਕੇ ਹਨ। ਜਿਸਨੇ ਦਿੱਲੀ ਵਿੱਚ ਕਰਾਰੀ ਹਾਰ ਤੋਂ ਬਾਅਦ ਪੰਜਾਬ ਵਿੱਚ ਡੇਰਾ ਲਾ ਰੱਖਿਆ ਹੈ। ਧਾਲੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੀ ਸਿੱਖਿਆ ਕ੍ਰਾਂਤੀ ਵੀ ਇੱਕ ਦਿਖਾਵਾ ਸੀ, ਜਿਸਦਾ ਜਵਾਬ ਦਿੱਲੀ ਦੇ ਲੋਕਾਂ ਨੇ ‘ਆਪ’ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕਰਾਰੀ ਹਾਰ ਦੇ ਨਾਲ ਦਿੱਤਾ ਹੈ। ਹੁਣ ਪੰਜਾਬ ਵਿੱਚ ਵੀ ਦਿੱਲੀ ਵਾਲਾ ਰਾਗ ਅਲਾਪਿਆ ਜਾ ਰਿਹਾ ਹੈ, ਜਿਸਦਾ ਨਤੀਜਾ ਵੀ ਦਿੱਲੀ ਵਾਲਾ ਹੋਵੇਗਾ। ਜਦੋਂ ਕਾਂਗਰਸ ਪਾਰਟੀ ਜਿੱਤ ਦਾ ਝੰਡਾ ਬੁੰਲਦ ਕਰਦਿਆਂ ਪੰਜਾਬ ਦੀ ਸੱਤਾ ‘ਚ ਸ਼ਾਨਦਾਰ ਵਾਪਸੀ ਕਰੇਗੀ।