ਕਪੂਰਥਲਾ ( ਪ੍ਰੀਤੀ) ਪੰਜਾਬ ਸਰਕਾਰ ਦੀ ਅਗਵਾਈ ਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੀਤੇ ਪੁਖਤਾ ਪ੍ਰਬੰਧਾਂ ਸਦਕਾ ਜਿਲ੍ਹੇ ਵਿਚ ਕਣਕ ਦੀ ਖਰੀਦ ਦਾ ਕੰਮ ਸੁਚਾਰੂ ਤਰੀਕੇ ਨਾਲ ਲਗਭਗ ਮੁਕੰਮਲ ਹੋ ਗਿਆ ਹੈ, ਜਿਸ ਤਹਿਤ ਬੀਤੇ ਕੱਲ੍ਹ ਤੱਕ 333468 ਮੀਟਰਕ ਟਨ ਕਣਕ ਦੀ ਖ੍ਰੀਦ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਸੁਚਾਰੂ ਖ੍ਰੀਦ ਲਈ ਕਿਸਾਨਾਂ, ਆੜ੍ਹਤੀਆਂ,ਲੇਬਰ,ਖੁਰਾਕ ਤੇ ਸਿਵਲ ਸਪਲਾਈ, ਮੰਡੀ ਬੋਰਡ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ‘ਜਿਲ੍ਹੇ ਵਿਚ ਕਣਕ ਦੀ ਖਰੀਦ ਦਾ ਸੀਜ਼ਨ ਬਿਲਕੁਲ ਨਿਰਵਿਘਨ ਰਿਹਾ ਤੇ ਕਿਸਾਨਾਂ ਦੀ ਫਸਲ ਦੇ ਇਕ- ਇਕ ਦਾਣੇ ਦੀ ਖਰੀਦ ਯਕੀਨੀ ਬਣਾਈ ਗਈ’। ਉੁਨਾਂ ਕਿਸਾਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪ੍ਰਸ਼ਾਸ਼ਨ ਦੀ ਸਲਾਹ ਅਨੁਸਾਰ ਸੁੱਕੀ ਜਿਣਸ ਹੀ ਮੰਡੀ ਵਿਚ ਲਿਆਂਦੀ।
ਉਨ੍ਹਾਂ ਦੱਸਿਆ ਕਿ ਖਰੀਦ ਵਿਚ ਪਨਸਪ ਨੇ 26 ਫੀਸਦੀ (88199 ਮੀਟਰਕ ਟਨ), ਪਨਗਰੇਨ ਨੇ 25 ਫੀਸਦੀ (82170 ), ਮਾਰਕਫੈਡ ਨੇ 25 ਫੀਸਦੀ (84634), ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 16 ਫੀਸਦੀ ( 52855 ਮੀਟਰਕ ਟਨ ) ਦੀ ਖਰੀਦ ਕੀਤੀ ਹੈ।
ਕਿਸਾਨਾਂ ਨੂੰ ਅਦਾਇਗੀ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਖਰੀਦ ਦੇ 24 ਘੰਟੇ ਦੇ ਅੰਦਰ-ਅੰਦਰ ਪੈਸੇ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ ਗਏ। ਕਿਸਾਨਾਂ ਨੂੰ 748.84 ਕਰੋੜ ਰੁਪੈ ਦੀ ਅਦਾਇਗੀ ਹੋਈ ਹੈ।
ਲਿਫਟਿੰਗ ਸਬੰਧੀ ਸ੍ਰੀ ਪੰਚਾਲ ਨੇ ਦੱਸਿਆ ਕਿ ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਤੇਜੀ ਨਾਲ ਕੰਮ ਚੱਲ ਰਿਹਾ ਹੈ। ਖਰੀਦੀ ਗਈ ਕਣਕ ਵਿਚੋਂ 70.48 ਫੀਸਦੀ ਦੀ ਚੁਕਾਈ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 15000 ਮੀਟਰਕ ਟਨ ਕਣਕ ਦੀ ਚੁਕਾਈ ਹੋ ਰਹੀ ਹੈ।
ਇਸੇ ਤਰਾਂ ਫਗਵਾੜਾ ਮੰਡੀ ਵਿਚੋਂ ਲਗਭਗ 80 ਫੀਸਦੀ ਕਣਕ ਦੀ ਚੁਕਾਈਹੋ ਚੁਕੀ ਹੈ ਅਤੇ
ਫਗਵਾੜਾ ਦਾਣਾ ਮੰਡੀ ਵਿਚੋਂ ਕਣਕ ਦੀ ਚੁਕਾਈ ਪਿਛਲੇ ਸਾਲ ਨਾਲੋਂ ਕਾਫੀ ਤੇਜ ਹੈ। ਫਗਵਾੜਾ ਦਾਣਾ ਮੰਡੀ ਦਾ ਦੌਰਾ ਕਰਨ ਮੌਕੇ ਐਸ.ਡੀ.ਐਮ. ਜਸ਼ਨਜੀਤ ਸਿੰਘ ਨੇ ਦੱਸਿਆ ਕਿ ਫਗਵਾੜਾ ਦਾਣਾ ਮੰਡੀ ਵਿਚ 66088 ਮੀਟਰਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਨੂੰ ਸਾਰੀ ਨੂੰ ਸਰਕਾਰੀ ਭਾਅ ਮੁਤਾਬਿਕ ਖਰੀਦਿਆ ਗਿਆ। ਉਨ੍ਹਾਂ ਦੱਸਿਆ ਕਿ ਖਰੀਦੀ ਗਈ ਕਣਕ ਵਿਚੋਂ ਬੀਤੇ ਕੱਲ੍ਹ ਤੱਕ 52200 ਮੀਟਰਕ ਟਨ ਕਣਕ ਦੀ ਚੁਕਾਈ ਕੀਤੀ ਗਈ, ਜੋ ਕਿ 78.90 ਫੀਸਦੀ ਬਣਦੀ ਹੈ। ਪਿਛਲੇ ਸਾਲ 5 ਮਈ 2024 ਤੱਕ ਕਣਕ ਦੀ ਲਿਫਟਿੰਗ 50980 ਮੀਟਰਕ ਟਨ ਸੀ।