ਬਾਰਸ਼ਾਂ ਤੋ ਪਹਿਲਾ ਛੱਤਾਂ ਤੇ ਖੁੱਲੇ ਅਸਮਾਨ ਚ ਪਏ ਕਬਾੜ ਦੇ ਸਮਾਨ ਨੂੰ ਕੀਤਾ ਜਾਵੇ ਸਾਫ
ਲੁਧਿਆਣਾ 23 ਮਈ- ਸਿਵਲ ਸਰਜਨ ਡਾ.ਰਮਨਦੀਪ ਕੌਰ ਨੇ ਦੱਸਿਆ ਕਿ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੀ ਬਿਮਾਰੀ ਤਂੋ ਆਮ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲ੍ਹੇ ਭਰ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ।ਇਹ ਮੁਹਿੰਮ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਆਦੇਸ਼ਾਂ ਹੇਠ ਚੱਲ ਰਹੀ ਹੈ।ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਜਿਲ੍ਹੇ ਭਰ ਵਿੱਚ ਟੀਮਾਂ ਵੱਲੋ ਘਰ ਘਰ ਜਾਕੇ ਮੱਛਰ ਨੂੰ ਪੈਦਾ ਹੋਣ ਤੋ ਰੋਕਣ ਲਈ ਵਿਸੇਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ,ਜਿੱਥੇ ਕਿੱਤੇ ਵੀ ਲਾਰਵਾ ਮਿਲਦਾ ਹੈ।ਉਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਜਾਂਦਾ ਹੈ ਅਤੇ ਜਿੱਥੇ ਸਾਫ਼ ਖੜਾ ਪਾਣੀ ਨਜ਼ਰ ਆਉਦਾ ਹੈ,ਟੀਮਾਂ ਵੱਲੋ ਉਸ ਖੜੇ ਪਾਣੀ ਤੇ ਲਾਰਵੀਸਾਈਡ ਦੀ ਸਪਰੇ ਕੀਤੀ ਜਾਂਦੀ ਹੈ,ਤਾਂ ਕਿ ਲਾਰਵਾ ਦਾ ਖਾਤਮਾ ਹੋ ਸਕੇ।ਡਾ ਰਮਨਦੀਪ ਕੌਰ ਨੇ ਦੱਸਿਆ ਕਿ ਜਿਲ੍ਹੇ ਭਰ ਵਿੱਚ ਆਮ ਲੋਕਾਂ,ਸਕੂਲਾਂ,ਕਾਲਜਾਂ ਅਤੇ ਆਈ.ਟੀ.ਆਈਜ਼ ਵਰਗੇ ਹੋਰ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਘਰਾਂ ਆਦਿ ਦੀਆਂ ਛੱਤਾਂ ਅਤੇ ਖੱੁਲ੍ਹੇ ਅਸਮਾਨ ਵਿੱਚ ਪਏ ਕਬਾੜ ਨੂੰ ਸਾਫ ਕੀਤਾ ਜਾਵੇ ਤਾਂ ਕਿ ਉਸ ਵਿਚ ਬਾਰ਼ਸ ਦਾ ਪਾਣੀ ਨਾ ਖੜਾ ਹੋ ਸਕੇ।ਇੱਕ ਹਫਤੇ ਤੋ ਵੱਧ ਕੂਲਰਾਂ ਵਿੱਚ ਖੜੇ ਪਾਣੀ ਵਿੱਚ ਡੇਂਗੂ ਦਾ ਮੱਛਰ ਪੈਦਾ ਹੁੰਦਾ ਹੈ।ਇਸ ਲਈ ਹਫਤੇ ਵਿੱਚ ਇਕ ਵਾਰੀ ਕੂਲਰਾਂ ਨੂੰ ਸੁਕਾ ਕੇ ਸਾਫ ਕਰ ਲਿਆ ਜਾਵੇ।ਇਸ ਸੰਬਧੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਰੈਜੀਡੈਂਸੀਅਲ ਸਕੂਲ ਆਫ ਮੈਰੀਟੋਰੀਅਸ ਸਟੂਡੈਟਸ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡੇਂਗੂ ਇਕ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ।ਜੋ ਕਿ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦੀ ਹੈ।ਡੇਂਗੂ ਦਾ ਲਾਰਵਾ ਘਰਾਂ ਦੇ ਆਲੇ ਦੁਆਲੇ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ।ਇਸ ਲਈ ਕੂਲਰਾਂ,ਗਮਲਿਆ,ਫਰਿੱਜ਼ਾ ਦੇ ਪਿਛਲੇ ਪਾਸੇ ਲੱਗੀਆਂ ਟਰੇਆਂ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਉਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਜਾਰੀ ਕੀਤੇ ਸਲੋਗਨ ਹੇਠ ਹਰ ਸੁੱਕਰਵਾਰ ਡੇਂਗੂ ਤੇ ਵਾਰ ਤਹਿਤ ਚੱਲ ਰਹੀ ਮੁਹਿੰਮ ਅਨੁਸਾਰ ਘਰਾਂ ਤੇ ਆਲੇ ਦੁਆਲੇ ਪਾਣੀ ਨਾ ਖੜਨ ਦਿੱਤਾ ਜਾਵੇ,ਜੇਕਰ ਕਿੱਤੇ ਪਾਣੀ ਖੜਾ ਵੀ ਹੈ ਤਾਂ ਉਸ ਨੂੰ ਸ਼ਾਫ ਕੀਤਾ ਜਾਵੇ,ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ ਆਦਿ ਹੁੰਦਾ ਹੈ ਤਾਂ ਉਹ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣੀ ਮੁਫਤ ਜਾਂਚ ਕਰਵਾ ਸਕਦਾ ਹੈ।